ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚੋਂ ਚੋਰਾਂ ਵੱਲੋਂ ਪੀਆਰਟੀਸੀ ਦੀ ਬੱਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਬੱਸ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਵੱਲੋਂ ਹੋਰ ਸਰਕਾਰੀ ਬੱਸਾਂ ਨਾਲ ਛੇੜਛਾੜ ਕੀਤੀ ਗਈ ਪਰ ਉਹ ਸਟਾਰਟ ਨਹੀਂ ਹੋਈਆਂ। ਪੀਆਰਟੀਸੀ ਦੇ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੌੜ ਮੰਡੀ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਨਗਰ ਕੌਂਸਲ ਮੌੜ ਮੰਡੀ ਦੇ ਬੱਸ ਸਟੈਂਡ ਵਿੱਚ ਖੜ੍ਹੀ ਸੀ। ਜਿਸ ਨੂੰ ਬੀਤੀ ਦੇਰ ਰਾਤ ਚੋਰਾਂ ਨੇ ਚੋਰੀ ਕਰ ਲਿਆ ਪਰ ਟਰੱਕ ਯੂਨੀਅਨ ਮੌੜ ਮੰਡੀ ਤੋਂ ਮਾਨਸਾ ਕੈਂਚੀਆਂ ਨੂੰ ਜਾਣ ਵਾਲੀ ਸੜਕ ਖਰਾਬ ਹੋਣ ਕਾਰਨ ਬੱਸ ਪਾਣੀ ਵਿੱਚ ਖੁਭ ਗਈ, ਜਿਸ ਨੂੰ ਛੱਡ ਕੇ ਚੋਰ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇੇ ਉਨ੍ਹਾਂ ਵੱਲੋਂ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ।