ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਮਰੀਜ਼ ਇੱਟਾਂ ਢੋਣ ਵਾਲੀ ਰੇਹੜੀ 'ਤੇ ਹਸਪਤਾਲ ਦੇ ਵਿੱਚ ਡਾਕਟਰ ਨੂੰ ਆਪਣਾ ਚੈੱਕ-ਅੱਪ ਕਰਵਾਉਣ ਦੇ ਲਈ ਪੁੱਜਿਆ। ਹਾਲਾਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਕਈ ਸਵਾਲ ਖੜੇ ਕੀਤੇ ਹਨ। ਜਦਕਿ ਸਰਕਾਰੀ ਹਸਪਤਾਲ ਵਿੱਚ ਸਟਰੈਚਰ ਅਤੇ ਵੀਲ੍ਹ-ਚੇਅਰ ਦੀ ਸਹੂਲਤ ਹੋਣ ਦੀ ਗੱਲ ਹਸਪਤਾਲ ਦੇ ਐਸਐਮਓ ਵੱਲੋਂ ਆਖੀ ਜਾ ਰਹੀ ਹੈ। ਐਸਐਮਓ ਦਾ ਕਹਿਣਾ ਕਿ ਉਹ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਆਪ੍ਰੇਸ਼ਨ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਾਇਰਲ ਵੀਡੀਓ ਬਾਰੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੇ ਮੇਰੇ ਕੋਲ ਚੈੱਕ-ਅੱਪ ਵੀ ਨਹੀਂ ਕਰਵਾਇਆ ਹੈ, ਬਾਕੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਸਟਰੈਚਰ ਤੇ ਵੀਲ੍ਹ-ਚੇਅਰ ਦੀ ਸਹੂਲਤ ਮੌਜੂਦ ਹੈ ਤੇ ਇੱਕ ਵਿਅਕਤੀ ਦੀ ਡਿਊਟੀ ਵੀ ਲਗਾ ਰੱਖੀ ਹੈ।