ਮੋਗਾ: ਜ਼ਿਲ੍ਹੇ ਦੇ ਕੋਟਕਪੂਰਾ ਬਾਈਪਾਸ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ 66 ਕੇਵੀ ਵਾਲੇ ਬਿਜਲੀ ਦੇ ਖੰਭੇ ‘ਤੇ ਚੜ੍ਹ ਗਿਆ। ਉਸਦਾ ਇਲਜ਼ਾਮ ਸੀ ਕਿ ਉਸਦੇ ਛੋਟੇ ਭਰਾ ਨੂੰ ਪੁਲਿਸ ਨੇ ਨਾਜਾਇਜ਼ ਹਿਰਾਸਤ ‘ਚ ਰੱਖਿਆ ਹੋਇਆ ਹੈ ਅਤੇ ਉਸ ਨਾਲ ਜ਼ਬਰ-ਜੁਲਮ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਨਾਮਕ ਵਿਅਕਤੀ 70 ਫੁੱਟ ਉੱਚੇ ਖੰਭੇ ‘ਤੇ ਚੜ੍ਹ ਗਿਆ ਅਤੇ ਉਪਰੋਂ ਹੀ ਆਪਣੇ ਛੋਟੇ ਭਰਾ ਬਬਲਜੀਤ ਸਿੰਘ ਲਈ ਇਨਸਾਫ ਦੀ ਮੰਗ ਕਰਨ ਲੱਗਾ। ਪਰਿਵਾਰ ਦਾ ਦਾਅਵਾ ਹੈ ਕਿ ਕੁਝ ਦਿਨ ਪਹਿਲਾਂ ਬਾਈਪਾਸ ‘ਤੇ ਇੱਕ ਘਰ ‘ਚ ਚੋਰੀ ਹੋਈ ਸੀ, ਜਿਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਮੰਗਲਵਾਰ 5 ਅਗਸਤ ਨੂੰ ਪੁਲਿਸ ਨੇ ਬਬਲਜੀਤ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ। ਪਰਿਵਾਰ ਅਨੁਸਾਰ, ਬਬਲਜੀਤ ਦਾ ਚੋਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਸੀਸੀਟੀਵੀ ਫੁਟੇਜ ‘ਚ ਕੈਦ ਹੋਇਆ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਨੇ ਉਸਨੂੰ ਬਿਨਾ ਕਿਸੇ ਕੇਸ ਦਰਜ ਕੀਤੇ ਹੀ ਨਾਜਾਇਜ਼ ਤੌਰ ‘ਤੇ ਰੱਖਿਆ ਅਤੇ ਉਸ ਨਾਲ ਕੁੱਟ-ਮਾਰ ਵੀ ਕੀਤੀ।