ਮੋਗਾ: ਮੋਗਾ ਦੇ ਪਿੰਡ ਚਿੜਿਕ ‘ਚ ਇੱਕ ਮੈਰਿਜ ਪੈਲੇਸ ਦੀ ਆੜ ਹੇਠ ਚੱਲਦੇ ਨਾਜਾਇਜ਼ ਨਸ਼ਾ ਛੁਡਾਓ ਕੇਂਦਰ ‘ਚ ਇੱਕ ਨੌਜਵਾਨ ਦੇ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੇਂਦਰ ਪੁਲਿਸ ਥਾਣੇ ਤੋਂ ਸਿਰਫ਼ 500 ਮੀਟਰ ਦੀ ਦੂਰੀ ‘ਤੇ ਸਥਿਤ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ਾ ਛੁਡਾਓ ਕੇਂਦਰ ਕਾਫ਼ੀ ਸਮੇਂ ਤੋਂ ਬੰਦ ਸੀ, ਜਦਕਿ ਮ੍ਰਿਤਕ ਦੇ ਪਰਿਵਾਰ ਅਨੁਸਾਰ ਜਸਪਾਲ ਸਿੰਘ 4 ਜੁਲਾਈ ਤੋਂ ਇੱਥੇ ਇਲਾਜ ਹੇਠ ਸੀ। ਪਰਿਵਾਰ ਨੇ ਦੱਸਿਆ ਕਿ ਜਸਪਾਲ ਸਿਰਫ਼ ਸ਼ਰਾਬ ਪੀਣ ਦਾ ਆਦੀ ਸੀ, ਹੋਰ ਕਿਸੇ ਨਸ਼ੇ ਦਾ ਨਹੀਂ। ਪੀੜਤ ਪਰਿਵਾਰ ਦੇ ਬਿਆਨਾਂ ‘ਤੇ ਅਧਾਰਿਤ ਮੈਰਿਜ ਪੈਲੇਸ ਮਾਲਕ ਇੰਦਰਜੀਤ ਅਤੇ ਉਸਦੇ ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੁੱਤਰ ਫ਼ਰਾਰ ਹੈ।