ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਅੱਜ ਇੱਕ ਰੋਸ ਮਾਰਚ ਕੱਢਿਆ ਗਿਆ। ਜਿਸ ਵਿੱਚ ਉਨ੍ਹਾਂ ਯੂਨੀਵਰਿਸਟੀ ਪ੍ਰਸ਼ਾਸਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ 'ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਜਦੋਂ ਕਿ 70 ਫੀਸਦੀ ਦੇ ਕਰੀਬ ਪੋਸਟਾਂ ਯੂਨੀਵਰਸਿਟੀ ਦੇ ਨਾਲ-ਨਾਲ ਖੇਤੀਬਾੜੀ ਮਹਿਕਮੇ ਦੇ ਵਿੱਚ ਵੀ ਖਾਲੀ ਪਈਆਂ ਹੋਈਆਂ ਹਨ। ਹਰ ਸਾਲ ਸਰਕਾਰ 100 ਪੋਸਟਾਂ ਕੱਢਦੀ ਹੈ, ਜਿਸ ਲਈ 10 ਹਜ਼ਾਰ ਫਾਰਮ ਭਰ ਦਿੱਤੇ ਜਾਂਦੇ ਹਨ। ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਖੇਤੀ ਮਾਸਟਰ ਲਾਉਣਗੇ, ਹਰ ਪਿੰਡ ਦੇ ਵਿੱਚ ਦੋ ਡਾਕਟਰ ਹੋਣਗੇ ਪਰ ਹਾਲਾਤ ਇਹ ਹੋ ਗਏ ਹਨ ਕਿ ਕਿਸੇ ਨੂੰ ਵੀ ਨੌਕਰੀ ਨਹੀਂ ਮਿਲ ਰਹੀ। ਇਥੋਂ ਤੱਕ ਕਿ ਯੂਨਵਰਸਿਟੀ ਦੇ ਪੀਐਚਡੀ ਕਰ ਚੁੱਕੇ ਵਿਦਿਆਰਥੀਆਂ ਵੀ ਨੌਕਰੀਆਂ ਦੀ ਉਡੀਕ ਕਰਦੇ ਰਹੇ ਅਤੇ ਅੱਜ ਉਹਨਾਂ ਦੀ ਉਮਰ ਵਧੇਰੇ ਹੋ ਗਈ ਹੈ ਪਰ ਨੌਕਰੀ ਨਹੀਂ ਮਿਲੀ।